ਆਕਲੈਂਡ,21ਅਪਰੈਲ(ਹਰਜਿੰਦਰ ਸਿੰਘ ਬਸਿਆਲਾ):- ਨਿਊਜ਼ੀਲੈਂਡ ਦੇ ਵਿਚ ਬੀਤੇ ਦਿਨੀਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਵਿਸ਼ੇਸ਼ ਕੀਰਤਨ ਦੀਵਾਨ ਅਤੇ ਕਥਾ ਸਮਾਗਮ ਕਰਵਾਇਆ ਗਿਆ। ਸਾਲਾਨਾ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਕੇਸਰੀ ਬਾਣਾ ਪਹਿਨੀ ਪੰਜਾ ਪਿਆਰਿਆਂ ਨੇ ਨਿਸ਼ਾਨ ਸਾਹਿਬ ਦੇ ਨਾਲ ਕੀਤੀ ਅਤੇ ਠਾਠਾਂ ਮਾਰਦੀਆਂ ਸੰਗਤਾਂ ਨੇ ਮੁੱਖ ਮਾਰਗਾਂ ਤੋਂ ਚਲਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ-ਨਾਲ ਹੁੰਦੇ ਕੀਰਤਨ ਤੇ ਬੋਲੇ ਸੋ ਨਿਹਾਲ ਜੈਕਾਰੇ ਲਗਾ ਸਿੱਖ ਪੰਥ ਦੀ ਵੱਖਰੀ ਤੇ ਨਿਆਰੀ ਹੌਂਦ ਨੂੰ ਪ੍ਰਗਟ ਕੀਤਾ। ਗੁਰੂ ਮਹਾਰਾਜ ਦੀ ਸਵਾਰੀ ਨੂੰ ਬੜੀ ਹੀ ਸੁੰਦਰ, ਫੁੱਲਾਂ ਨਾਲ ਸਜਾਈ ਗਈ ਪਾਲਕੀ ਅਤੇ ਵੱਡੇ ਟਰੱਕ ਦੇ ਮਗਰਲੇ ਪਾਸੇ ਦੇ ਵੱਡੇ ਡੈਕ ਉਤੇ ਸ਼ੁਸ਼ੋਭਿਤ ਕੀਤਾ ਗਿਆ ਸੀ। ਪੂਰੇ ਰਸਤੇ ਨੂੰ ਸੇਵਾਦਾਰਾਂ ਨੇ ਝਾੜੂ ਅਤੇ ਪਾਣੀ ਦੇ ਨਾਲ ਅੱਗੇ-ਅਗੇ ਸਾਫ਼ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਪੰਜਾ ਪਿਆਰਿਆਂ ਦੇ ਕਾਫ਼ਲੇ ਨੂੰ ਸਤਿਕਾਰ ਦਿੱਤਾ। ਇਸ ਮੌਕੇ ਦਰਬਾਰ ਹਾਲ ਵਿਚ ਸਜੇ ਕੀਰਤਨ ਦੀਵਾਨ ਵਿਚ ਪਹਿਲਾਂ ਬੱਚਿਆਂ ਨੇ ਕੀਰਤਨ ਕੀਤਾ, ਫਿਰ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ, ਫਿਰ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵੱਲੋਂ ਅੰਮ੍ਰਿਤ ਵਿਸ਼ੇ 'ਤੇ ਕਥਾ ਅਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁਹੰਚੇ ਹੋਏ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਵੱਲੋਂ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰਮਤਿ ਤੋਂ ਜਾਣੂ ਕਰਵਾਇਆ। ਇਸ ਖੁਸ਼ੀ ਭਰੇ ਮੌਕੇ ਚਾਰੇ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਸੀ। ਗੁਰਦੁਆਰਾ ਸ੍ਰੀ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਸੇਵਾਦਾਰਾਂ, ਸਹਿਯੋਗੀ ਸੱਜਣ ਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ ਗਿਆ।
No comments:
Post a Comment