(-ਜਸਵੰਤ ਸਿੰਘ 'ਅਜੀਤ')ਅੱਜ ਸਿੱਖ ਪੰਥ ਨੂੰ ਅਣਸੁਲਝੇ ਵਿਵਾਦਾਂ ਵਿੱਚ ਇਤਨਾ ਉਲਝਾ ਦਿੱਤਾ ਗਿਆ ਹੋਇਆ ਹੈ ਕਿ ਕਿਸੇ ਵੀ ਸਿੱਖ ਸੰਸਥਾ ਜਾਂ ਕਿਸੇ ਵੀ ਸਿੱਖ ਆਗੂ ਨੂੰ ਇਸ ਗਲ ਦੀ ਚਿੰਤਾ ਤਕ ਨਹੀਂ ਰਹਿ ਗਈ ਹੋਈ ਕਿ ਉਹ ਇਸ ਗਲ ਨੂੰ ਗੰਭੀਰਤਾ ਨਾਲ ਸਮਝ ਸਕੇ ਕਿ ਅੱਜ ਸਿੱਖ-ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦੇ ਕਿਉਂ ਜਾ ਰਹੇ ਹਨ? ਸਿੱਖੀ ਦੀਆਂ ਧਾਰਮਕ ਮਾਨਤਾਵਾਂ ਨਾਲੋਂ ਟੁੱਟ ਰਹੇ ਇਨ੍ਹਾਂ ਨੌਜਵਾਨਾਂ ਨੂੰ ਕਿਵੇਂ ਸੰਭਾਲਿਆ ਅਤੇ ਮੁੜ ਸਿੱਖੀ ਵਿਰਸੇ ਨਾਲ ਜੋੜ, ਉਨ੍ਹਾਂ ਵਿੱਚ ਵਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠਲ੍ਹ ਪਾਈ ਜਾਏ? ਹੋਰ ਤਾਂ ਹੋਰ ਸਿੱਖੀ ਦੇ ਪ੍ਰਚਾਰ ਪ੍ਰਤੀ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੀਆਂ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਕੋਲ ਵੀ ਇਤਨਾ ਸਮਾਂ ਨਹੀਂ ਰਹਿ ਗਿਆ ਹੋਇਆ ਕਿ ਉਹ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਰਹਿ ਰਹੇ ਸਿੱਖਾਂ ਦੀ ਸੁੱਧ-ਸਾਰ ਲੈ ਸਕਣ ਅਤੇ ਪਤਾ ਲਾ ਸਕਣ ਕਿ ਉਹ ਕਿਹੋ ਜਿਹਾ ਜੀਵਨ ਜੀਣ ਲਈ ਮਜਬੂਰ ਹੋ ਰਹੇ ਹਨ? ਕੋਈ 'ਨਾਨਕਸ਼ਾਹੀ ਕੈਲੰਡਰ' ਦੀ ਚਿੰਤਾ ਵਿੱਚ ਘੁਲ ਰਿਹਾ ਹੈ, ਤੇ ਕੋਈ 'ਦਸਮ ਗ੍ਰੰਥ' ਨੂੰ ਲੈ ਕੇ ਹਾਇ-ਤੋਬਾ ਮਚਾਣ ਵਿੱਚ ਰੁਝਿਆ ਹੋਇਆ ਹੈ। ਕਿਸੇ ਨੂੰ ਇਹ ਗ਼ਮ ਖਾ ਰਿਹਾ ਹੈ ਕਿ ਰਾਗਮਾਲਾ ਕਿਉਂ ਪੜ੍ਹੀ ਜਾ ਰਹੀ ਹੈ? ਕੋਈ ਮੂਲਮੰਤ੍ਰ ਦੀ ਸੀਮਾਂ ਨਿਸ਼ਚਿਤ ਕਰਨ ਲਈ ਤਰਲੋ-ਮੱਛੀ ਹੋ ਰਿਹਾ ਹੈ। ਕਿਸੇ ਨੂੰ ਇਹ ਗਲ ਸਹਿਣ ਨਹੀਂ ਹੋ ਰਹੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ 'ਦੇਵ' ਸ਼ਬਦ ਕਿਉਂ ਵਰਤਿਆ ਜਾ ਰਿਹਾ ਹੈ। ਕੋਈ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗਦੀ ਦਿਤੇ ਜਾਣ ਦੇ ਸਬੂਤ ਮੰਗਣ ਤੇ ਤੁਲਿਆ ਬੈਠਾ ਹੈ। ਇਥੋਂ ਤਕ ਕਿ ਇਤਿਹਾਸ ਅਤੇ ਧਰਮ ਦੀਆਂ ਸਥਾਪਤ ਮਾਨਤਾਵਾਂ ਅਤੇ ਮਰਿਆਦਾਵਾਂ ਪੁਰ ਵੀ ਸੁਆਲ ਉਠਾਏ ਅਤੇ aਨ੍ਹਾਂ ਬਾਰੇ ਵਿਵਾਦ ਛੇੜ, ਉਨ੍ਹਾਂ ਨੂੰ ਵਧਾਇਆ ਜਾ ਰਿਹਾ ਹੈ। ਕੋਈ ਇਹ ਮਹਿਸੂਸ ਕਰਨ ਲਈ ਤਿਆਰ ਨਹੀਂ ਕਿ ਇਨ੍ਹਾਂ ਵਿਵਾਦਾਂ ਦੇ ਵਧਦਿਆਂ ਜਾਣ ਦਾ ਅੱਜ ਦੀ ਨੌਜਵਾਨ ਪੀੜ੍ਹੀ ਪੁਰ ਕੀ ਪ੍ਰਭਾਵ ਪੈ ਰਿਹਾ ਹੈ। ਮਤਲਬ ਇਹ ਕਿ ਹਰ ਕੋਈ ਆਪਣੇ ਸਵਾਰਥ ਦੀਆਂ ਰੋਟੀਆਂ ਸੇਂਕਣ ਵਿੱਚ ਮਸਤ ਹੈ। ਇਨ੍ਹਾਂ ਹਾਲਾਤ ਦੇ ਚਲਦਿਆਂ ਹਰ ਕੋਈ ਅਜਿਹਾ ਉਲਝਦਾ ਚਲਿਆ ਜਾ ਰਿਹਾ ਹੈ ਕਿ ਉਸਨੂੰ ਪਤਾ ਤਕ ਹੀ ਨਹੀਂ ਚਲ ਰਿਹਾ ਕਿ ਦੂਰ-ਦਰਾਜ਼ ਦੇ ਹਿਸਿਆਂ ਵਿੱਚ ਵਸ ਰਹੇ ਸਿੱਖਾਂ ਨਾਲ ਕੀ ਬੀਤ ਰਹੀ ਹੈ?
ਦੂਰ-ਦਰਾਜ਼ ਦੇ ਹਿਸਿਆਂ ਵਿੱਚ ਕਿਵੇਂ ਸਿੱਖਾਂ ਨੂੰ ਹਕਾਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ, ਇਸਦੀ ਇਕ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਨੇਪਾਲ, ਆਸਾਮ, ਮੇਘਾਲਿਆ ਆਦਿ ਰਾਜਾਂ ਦੇ ਪ੍ਰਚਾਰ ਦੌਰੇ ਤੋਂ ਪਰਤੇ ਜੰਮੂ ਦੇ ਡੇਰਾ ਨੰਗਾਲੀ ਸਾਹਿਬ ਦੇ ਮੁੱਖੀ, ਮਹੰਤ ਮਨਜੀਤ ਸਿੰਘ, ਨਾਲ ਦਿੱਲ਼ੀ ਦੇ ਇਕ ਮਿਤ੍ਰ ਦੇ ਪਰਿਵਾਰਕ ਸਮਾਗਮ ਵਿੱਚ ਮੁਲਾਕਾਤ ਹੋ ਗਈ। ਗਲਾਂ-ਗਲਾਂ ਵਿੱਚ ਉਨ੍ਹਾਂ ਰਾਜਾਂ, ਜਿਨ੍ਹਾਂ ਦਾ ਦੌਰਾ ਕਰ ਉਹ ਪਰਤੇ ਸਨ, ਵਿੱਚ ਵਸਦੇ ਸਿੱਖਾਂ ਬਾਰੇ ਚਰਚਾ ਛਿੜੀ ਤਾਂ ਉਨ੍ਹਾਂ ਬੜੇ ਹੀ ਦੁਖ ਅਤੇ ਉਦਾਸੀਨਤਾ ਭਰੇ ਸ਼ਬਦਾਂ ਵਿੱਚ ਦਸਿਆ ਕਿ ਆਸਾਮ ਅਤੇ ਮੇਘਾਲਿਆ, ਰਾਜਾਂ ਵਿੱਚ ਤਿੰਨ-ਤਿੰਨ ਪਿੰਡ ਅਜਿਹੇ ਹਨ, ਜਿਨ੍ਹਾਂ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਵਸਦੇ ਹਨ। ਇਨ੍ਹਾਂ ਪਿੰਡਾਂ ਵਿੱਚ ਵਸ ਰਹੇ ਸਿੱਖ ਨਾ ਕੇਵਲ ਸਿੱਖੀ ਸਰੂਪ ਵਿੱਚ ਪੂਰੇ ਹਨ, ਸਗੋਂ ਇਨ੍ਹਾਂ ਵਿਚੋਂ ਕਈਆਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ, ਜਿਸਦਾ ਪਾਲਣ ਉਹ ਬੜੀ ਸ਼ਰਧਾ, ਦ੍ਰਿੜ੍ਹਤਾ ਅਤੇ ਵਿਸ਼ਵਾਸ ਨਾਲ ਕਰਦੇ ਹਨ। ਪਰ ਬਦਕਿਸਮਤੀ ਦੀ ਗਲ ਇਹ ਹੈ ਕਿ ਸਾਡੀਆਂ ਧਰਮ-ਪ੍ਰਚਾਰ ਦੇ ਨਾਂ ਤੇ ਕਰੋੜਾਂ ਰੁਪਏ ਸਾਲਾਨਾਂ ਖਰਚ ਕਰਨ ਦੀਆਂ ਦਾਅਵੇਦਾਰ ਜਥੇਬੰਦੀਆਂ ਵਿਚੋਂ ਕਿਸੇ ਵਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ, ਜਿਸਦੇ ਫਲਸਰੂਪ ਉਥੇ ਉਨ੍ਹਾਂ ਨੂੰ 'ਸਵੀਪਰ' (ਸਫਾਈ ਕਰਮਚਾਰੀ) ਵਜੋਂ ਕੰਮ ਕਰਨ ਤੇ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਇਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਨ੍ਹਾਂ ਰਾਜਾਂ ਵਿੱਚਲੇ ਸਥਾਨਕ ਲੋਕਾਂ ਵਲੋਂ ਸਮੁਚੇ ਰੂਪ ਵਿੱਚ ਹੀ ਸਿੱਖਾਂ ਨੂੰ ਸਵੀਪਰ (ਸਫਾਈ ਕਰਮਚਾਰੀ) ਹੀ ਸਮਝਿਆ ਜਾਣ ਲਗਾ ਹੈ।
ਇਸ ਗਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਇਸ ਵਾਰ ਜਦੋਂ ਉਹ ਆਸਾਮ ਦੌਰੇ ਤੇ ਗਏ ਤਾਂ ਇਕ ਸਿੱਖ ਨੇ ਉਨ੍ਹਾਂ ਨਾਲ ਜਿਸ ਘਟਨਾ ਦੀ ਸਾਂਝ ਪਾਈ, ਉਸਨੇ ਉਨ੍ਹਾਂ ਦੇ ਰੋਂਗਟੇ ਖੜੇ ਕਰ ਦਿਤੇ।
ਉਨ੍ਹਾਂ ਦਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਦਸੀ ਗਈ, ਜਦੋਂ ਪੰਜਾਬ ਦੇ ਸਾਬਕਾ ਪੁਲਿਸ ਮੁੱਖੀ ਕੇ ਪੀ ਐਸ ਗਿਲ ਨੂੰ ਇਕ ਉੱਚ ਸਰਕਾਰੀ ਅਹੁਦੇ ਤੇ ਨਿਯੁਕਤ ਕਰ ਭਾਰਤ ਸਰਕਾਰ ਵਲੋਂ ਆਸਾਮ ਭੇਜਿਆ ਗਿਆ ਹੋਇਆ ਸੀ। ਦਸਿਆ ਗਿਆ ਕਿ ਉਨ੍ਹਾਂ ਦਿਨਾਂ ਵਿੱਚ ਹੀ ਇਕ ਦਿਨ ਉਹ ਬਾਜ਼ਾਰ ਗਏ ਤੇ ਉਨ੍ਹਾਂ ਇਕ ਸਬਜ਼ੀ ਵਾਲੇ ਦੀ ਦੁਕਾਨ ਤੇ ਖੜਿਆਂ ਹੋ, ਇਕ ਸਬਜ਼ੀ ਨੂੰ ਹੱਥ ਲਾ, ਉਸਦਾ ਭਾਅ ਪੁਛਿਆ। ਉਨ੍ਹਾਂ ਦੇ ਸਬਜ਼ੀ ਨੂੰ ਹੱਥ ਲਾਣ ਦੀ ਦੇਰ ਸੀ ਕਿ ਦੁਕਾਨਦਾਰ ਉਨ੍ਹਾਂ ਨੂੰ ਚੀਖ ਕੇ ਪੈ ਗਿਆ। ਕਹਿਣ ਲਗਾ ਕਿ ਤੂੰ ਮੇਰੀ ਸਾਰੀ ਸਬਜ਼ੀ ਭਿਟਾ ਦਿਤੀ ਹੈ। ਇਤਨਾ ਆਖਦਿਆਂ ਉਸਨੇ ਉਹ ਸਾਰੀ ਸਬਜ਼ੀ ਚੁਕ, ਸੁੱਟ ਦਿਤੀ। ਸਬਜ਼ੀ ਵਾਲੇ ਦਾ ਇਹ ਵਰਤਾਉ ਵੇਖ ਗਿਲ ਸਾਹਿਬ ਗਰਮ ਹੋ, ਰਹੁਬ ਝਾੜਦਿਆਂ ਉਸਨੂੰ ਕਹਿਣ ਲਗੇ ਕਿ ਤੂੰ ਜਾਣਦਾ ਨਹੀਂ ਕਿ ਮੈਂ ਕੋਣ ਹਾਂ? ਦੁਕਾਨਦਾਰ ਨੇ ਵੀ ਉਸੇ ਲਹਿਜੇ ਵਿੱਚ ਉਨ੍ਹਾਂ ਨੂੰ ਕਿਹਾ ਕਿ ਤੂੰ ਕੋਈ ਵੀ ਹੋਵੇਂ, ਹੈ ਤਾਂ ਸਵੀਪਰ (ਸਫਾਈ ਕਰਮਚਾਰੀ) ਹੀ। ਇਹ ਸੁਣ ਗਿਲ ਸਾਹਿਬ ਉਸਦਾ ਮੂੰਹ ਵੇਖਦੇ ਰਹਿ ਗਏ।
ਸੋਚਣ ਅਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਕੀ ਇਹ ਘਟਨਾ ਸਮੁਚੀ ਸਿੱਖ ਕੌਮ ਦਾ ਮੂੰਹ ਚਿੜ੍ਹਾਉਣ ਅਤੇ ਉਸਦਾ ਅਪਮਾਨ ਕਰਨ ਵਾਲੀ ਨਹੀਂ? ਕੀ ਇਸ ਘਟਨਾ ਦੀ ਰੋਸ਼ਨੀ ਵਿੱਚ ਕਦੀ ਸੋਚਿਆ ਜਾਇਗਾ ਕਿ ਅਸੀਂ ਕਿਹੜੇ ਕੁਰਾਹੇ ਪਏ ਹੋਏ, ਪੰਥ ਨੂੰ ਵਿਵਾਦਾਂ ਦੇ ਜਾਲ ਵਿੱਚ ਉਲਝਾ, ਉਸਦੇ ਮਾਣ-ਸਤਿਕਾਰ ਨੂੰ ਦਾਅ ਤੇ ਲਾਉਂਦੇ ਚਲੇ ਆ ਰਹੇ ਹਾਂ?
ਵਿਵਾਦ ਨਾਨਕਸ਼ਾਹੀ ਕੈਲੰਡਰ ਦਾ: ਬੀਤੇ ਦਿਨੀਂ ਮੇਰੇ ਦੋ ਮਜ਼ਮੂਨ, 'ਨਾਨਕਸ਼ਾਹੀ ਕੈਲੰਡਰ ਵਿਵਾਦ : ਈਮਾਨਦਾਰੀ ਹੋਵੇ ਤਾਂ ਹਲ ਸੰਭਵ' ਅਤੇ 'ਸ਼ਰਤਾਂ ਅਤੇ ਅੜੀ ਨਾਲ ਸਮੱਸਿਆਵਾਂ ਦਾ ਹਲ ਸੰਭਵ ਨਹੀਂ' ਛਪੇ ਸਨ, ਜਿਨ੍ਹਾਂ ਵਿੱਚ ਇਕ ਤਾਂ ਇਹ ਸੁਝਾਉ ਦਿੱਤਾ ਗਿਆ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹਲ ਕਰਨ ਪ੍ਰਤੀ ਜੇ ਈਮਾਨਦਾਰੀ ਹੋਵੇ ਤਾਂ ਇਸਨੂੰ ਹਲ ਕਰਨਾ ਅਸੰਭਵ ਨਹੀਂ ਹੈ। ਲੋੜ ਹੈ, ਤਾਂ ਕੇਵਲ ਹਊਮੈ ਦਾ ਤਿਆਗ ਕਰਨ ਦੀ। ਦੋਵਂੇ ਧਿਰਾਂ ਸ਼ਰਤਾਂ ਲਾਉਣ ਅਤੇ ਅੜੀ ਕਰਨ ਤੋਂ ਉਪਰ ਉਠ ਕੇ ਆਪੋ-ਵਿੱਚ ਮਿਲ ਬੈਠਣ। ਸੰਨ-੨੦੦੩ ਦੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਮਿੱਥ ਅਤੇ ਸੰਨ-੨੦੦੯ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਂਦਾਂ ਦੇ ਦਿਨ ਨਿਸ਼ਚਿਤ ਕਰਕੇ ਆਪੋ ਵਿੱਚ ਸਹਿਮਤੀ ਕਰ ਲੈਣ, ਤਾਂ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸਤਰ੍ਹਾਂ ਦੋਹਾਂ ਧਿਰਾਂ ਦੀ ਰਹਿ ਵੀ ਆਵੇਗੀ ਅਤੇ ਵਿਵਾਦ ਵੀ ਹਲ ਹੋ ਜਾਇਗਾ। ਇਸਦੇ ਨਾਲ ਹੀ ਇਹ ਸੁਆਲ ਵੀ ਉਨ੍ਹਾਂ ਦੇ ਸਾਹਮਣੇ ਰਖਿਆ ਕਿ ਕੀ ਦੋਵੇਂ ਧਿਰਾਂ ਪੰਥ ਦੇ ਵੱਡੇ ਹਿਤਾਂ ਨੂੰ ਮੁੱਖ ਰਖਦਿਆਂ ਪੰਥ ਨੂੰ ਵੰਡੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ, ਇਤਨੀ ਨਗੂਣੀ ਜਿਹੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਣਗੀਆਂ?
ਇਸ ਪੁਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਈਆਂ ਨੇ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਸੰਨ-੨੦੦੩ ਦੇ ਕੈਲੰਡਰ ਨੂੰ ਲਾਗੂ ਕੀਤੇ ਜਾਣ ਤੋਂ ਬਿਨਾਂ ਉਨ੍ਹਾਂ ਨੂੰ ਕੁਝ ਵੀ ਮੰਨਜ਼ੂਰ ਨਹੀਂ। ਇਹ ਗਲ ਸਮਝਣ ਲਈ ਕੋਈ ਵੀ ਤਿਆਰ ਨਹੀਂ ਹੋਇਆ ਕਿ ਸ਼ਰਤਾਂ ਲਾਉਣ ਅਤੇ ਅੜੇ ਰਹਿਣ ਨਾਲ ਕਿਸੇ ਵੀ ਸਮਸਿਆ ਦਾ ਹਲ ਸੰਭਵ ਨਹੀਂ ਹੋ ਸਕਦਾ। ਸ਼ਰਤ ਲਾਉਣ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਆਪਣੀ ਗਲ ਦੂਸਰੇ ਨੂੰ ਆਪਣੇ ਮੂੰਹ ਵਿੱਚ ਪਾ ਲੈਣ ਲਈ ਮਜਬੂਰ ਕਰਨਾ। ਇਸੇ ਤਰ੍ਹਾਂ ਦੀ ਜ਼ਿਦ ਤੇ ਸ਼ਰਤ ਦੂਜੇ ਪਾਸੇ ਤੋਂ ਵੀ ਪੇਸ਼ ਕੀਤੀ ਜਾ ਸਕਦੀ ਹੈ। ਕੀ ਇਸ ਸਥਿਤੀ ਵਿੱਚ ਸਮੱਸਿਆ ਦਾ ਹਲ ਸੰਭਵ ਹੋ ਸਕੇਗਾ?
ਇਸ ਪ੍ਰਤੀਕਿਰਿਆ ਦੀ ਰੋਸ਼ਨੀ ਵਿੱਚ ਉਨ੍ਹਾਂ ਸਾਹਮਣੇ ਇਕ ਹੋਰ ਸੁਆਲ ਰਖਦਿਆਂ, ਪੁਛਿਆ ਗਿਆ ਕਿ ਕੀ ਕੋਈ ਇਸ ਸੁਆਲ ਦਾ ਤਸੱਲੀਬਖ਼ਸ਼ ਜਵਾਬ ਦੇਣ ਲਈ ਤਿਆਰ ਹੋਵੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲਦੇ ਆ ਰਹੇ ਕੈਲੰਡਰ ਕਾਰਣ, ਪੰਜ ਸਦੀਆਂ ਬੀਤ ਜਾਣ ਤੇ ਸਿੱਖੀ ਨੂੰ ਕਿਤਨਾ-ਕੁ ਨੁਕਸਾਨ ਹੋਇਆ ਹੈ? ਅਤੇ ਸੰਨ-੨੦੦੩ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਗੂ ਹੋਣ ਤੋਂ, ਇਸਨੂੰ ਸੋਧੇ ਜਾਣ ਤਕ, ਦੇ ਛੇ ਵਰ੍ਹਿਆਂ ਵਿੱਚ ਸਿੱਖੀ ਦਾ ਕਿਤਨਾ ਫੈਲਾਅ ਜਾਂ ਵਾਧਾ ਹੋਇਆ ਹੈ?
ਉਪਰੋਕਤ ਸੁਆਲਾਂ ਦਾ ਜਵਾਬ ਦੇਣ ਦੀ ਬਜਾਏ ਇਹੀ ਕਿਹਾ ਜਾਂਦਾ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵੀ ਸੂਰਜੀ ਕੈਲੰਡਰ ਪ੍ਰਚਲਤ ਸੀ। ਇਸੇ ਗਲ ਨੂੰ ਹੀ ਮੇਰੇ ਸੁਆਲਾਂ ਦਾ ਜਵਾਬ ਮੰਨ ਲੈਣ ਲਈ ਜ਼ੋਰ ਦਿੱਤਾ ਜਾਣ ਲਗਾ। ਜਦੋਂ ਵੀ ਮੈਂ ਕਿਹਾ ਕਿ ਇਹ ਮੇਰੇ ਸੁਆਲਾਂ ਦਾ ਜਵਾਬ ਨਹੀਂ, 'ਮੈਂ ਨਾ ਮਾਨੂੰ' ਦੀ ਅੜੀ ਕਾਇਮ ਰਖੀ ਗਈ।
ਜ਼ਰਾ ਜਿਹੀ ਸੋਚ ਰਖਣ ਵਾਲਾ ਵਿਅਕਤੀ ਵੀ ਇਹ ਸਮਝ ਸਕਦਾ ਹੈ, ਕਿ ਇਸ ਸਮਸਿਆ ਦਾ ਹਲ ਤਾਂ ਹੀ ਸੰਭਵ ਹੋਵੇਗਾ, ਜੇ ਦੋਵੇਂ ਧਿਰਾਂ ਸਿੱਖ-ਪੰਥ ਦੇ ਵਡੇ ਹਿਤਾਂ ਨੂੰ ਮੁਖ ਰਖਦਿਆਂ, ਸ਼ਰਤਾਂ ਲਾਉਣ ਦੀ ਅੜੀ ਛੱਡ ਖੁਲ੍ਹੇ ਦਿਲ ਨਾਲ ਅਕਾਲ ਤਖ਼ਤ ਦੇ ਜਥੇਦਾਰ ਦੀ ਅਗਵਾਈ ਵਿੱਚ ਮਿਲ ਬੈਠਣ ਅਤੇ ਥੋੜ੍ਹਾ-ਕੁ ਝੁਕ-ਝੁਕਾ ਕਰ ਸਮਝੌਤਾ ਕਰਨ ਲਈ ਤਿਆਰ ਹੋ ਜਾਣਗੀਆਂ।
ਉਨ੍ਹਾਂ ਮਜ਼ਮੂਨਾਂ ਵਿੱਚ ਇਹ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸਮਾਂ ਰਹਿੰਦਿਆਂ ਹਾਲਾਤ ਨੂੰ ਸੰਭਲਿਆ ਨਾ ਗਿਆ, ਤਾਂ ਸਮਾਂ ਵਿਹਾ ਦੇਣ ਨਾਲ ਸਿੱਖੀ ਦਾ ਜੋ ਘਾਣ ਹੋਵੇਗਾ, ਉਸਦੇ ਲਈ ਆਉਣ ਵਾਲੀਆਂ ਪੀੜੀਆਂ ਅੱਜ ਦੀ ਪੀੜੀ ਨੂੰ ਕਦੀ ਵੀ ਮੁਆਫ਼ ਨਹੀਂ ਕਰਨਗੀਆਂ।
ਹੈਰਾਨੀ ਦੀ ਗਲ ਤਾਂ ਇਹ ਹੈ ਕਿ ਅਸੀਂ ਸਿੱਖੀ ਬਚਾਣ, ਉਸਦੀ ਸੁਤੰਤਰ ਹੋਂਦ, ਸਿੱਖਾਂ ਦੀ ਅੱਡਰੀ ਪਛਾਣ, ਉਸਦੇ ਪ੍ਰਚਾਰ-ਪਸਾਰ ਦੇ ਸਾਧਨ ਗੁਰਬਾਣੀ, ਗੁਰ-ਉਪਦੇਸ਼ਾਂ ਅਤੇ ਸਿੱਖ ਇਤਿਹਾਸ ਵਿਚੋਂ ਤਲਾਸ਼ਣ ਦੀ ਬਜਾਏ ਕੈਲੰਡਰਾਂ ਵਿਚੋਂ ਤਲਾਸ਼ ਰਹੇ ਹਾਂ।
…ਅਤੇ ਅੰਤ ਵਿੱਚ: ਕਹਿਣਾ ਤਾਂ ਨਹੀਂ ਚਾਹੀਦਾ, ਪਰ ਜਿਸਤਰ੍ਹਾਂ ਦੀ ਅੜੀ ਕੀਤੀ ਜਾ ਰਹੀ ਹੈ, ਉਸਨੂੰ ਵੇਖਦਿਆਂ ਹੋਇਆਂ ਕਹੇ ਬਿਨਾਂ ਰਿਹਾ ਵੀ ਨਹੀਂ ਜਾਂਦਾ। ਜ਼ਰਾ ਸੋਚ ਕੇ ਵੇਖੋ, ਜਿਸ ਕੈਲੰਡਰ ਨੂੰ ਸਿੱਖੀ ਨਾਲ ਹੀ ਜੋੜਿਆ ਜਾਣਾ ਸੀ, ਉਸਦੀ ਅਰੰਭਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਤੋਂ ਹੋਣੀ ਚਾਹੀਦੀ ਸੀ। ਮਹੀਨਿਆਂ ਦੇ ਨਾਂ ਵੀ ਹਿਜਰੀ ਅਤੇ ਈਸਵੀ ਸੰਮਤਾਂ ਅਨੁਸਾਰ ਆਪਣੇ ਹੋਣੇ ਚਾਹੀਦੇ ਸਨ ਅਤੇ ਤਾਰੀਖਾਂ ਵੀ ਆਪਣੀਆਂ। ਪਰ ਇਸ ਵਿੱਚ ਇਸਦੇ ਨਾਂ 'ਨਾਨਕਸ਼ਾਹੀ' ਤੋਂ ਬਿਨਾਂ ਆਪਣਾ ਹੈ ਕੀ? ਅਰੰਭਤਾ ਬਿਕਰਮੀ ਸੰਮਤ ਤੋਂ ਕੁਝ ਅਗੇ ਪਿਛੇ ਕੀਤੀ ਗਈ ਹੋਈ ਹੈ, ਮਹੀਨਿਆਂ ਦੇ ਨਾਂ ਵੀ ਉਸੇ ਸੰਮਤ ਦੇ ਹਨ, ਪਰ ਗੁਰਪੁਰਬਾਂ ਦੀਆਂ ਤਾਰੀਖਾਂ ਈਸਵੀ ਸੰਮਤ ਦੇ ਅਨੁਸਾਰ ਨਿਸ਼ਚਿਤ ਕੀਤੀਆਂ ਗਈਆਂ ਹਨ। ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਖਗੋਲ ਸ਼ਾਸਤ੍ਰੀਆਂ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼, ਜਿਸ ਪੋਹ ਸੁਦੀ ਸਪਤਮੀ ਨੂੰ ਹੋਇਆ ਸੀ, ਉਸ ਦਿਨ ੨੩ ਦਸੰਬਰ ਸੀ, ਪਰ ਨਾਨਕਸ਼ਾਹੀ ਕੈਲੰਡਰ ਵਿੱਚ ਤਾਰੀਖ ਇਹ ਪੰਜ ਜਨਵਰੀ ਨਿਸ਼ਚਿਤ ਕਰ ਲਈ ਗਈ ਹੈ। ਸੁਆਲ ਉਠਦਾ ਹੈ ਕਿ ਮੂਲ ਤਾਰੀਖ ੨੩ ਦਸੰਬਰ ਹੀ ਕਿਉਂ ਨਹੀਂ ਨਿਸ਼ਚਿਤ ਕੀਤੀ ਗਈ ਅਤੇ ਪੰਜ ਜਨਵਰੀ ਕਿਉਂ ਅਪਨਾਈ ਗਈ?
Mobile : + 91 98 68 91 77 31 E-mail : jaswantsinghajit@gmail.com
Address : Jaswant Singh ‘Ajit’, 64-C, U&V/B, Shalimar Bagh, DELHI-110088
No comments:
Post a Comment