ਰਾਜਪੁਰਾ,23ਅਪ੍ਰੈਲ(ਪੰਜਾਬ ਹੈੱਡਲਾਈਨ):-ਬਲਾਕ ਰਾਜਪੁਰਾ ਦੇ ਪਿੰਡ ਰਾਈਮਾਜਰਾ ਵਾਸੀ ਨੌਜਵਾਨ ਦਾ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਕਤਲ ਹੋ ਗਿਆ। ਪਿੰਡ ਰਾਈਮਾਜਰਾ ਵਿਖੇ ਅਪਣੇ ਪਰਿਵਾਰ ਨਾਲ ਬੇਹੱਦ ਗ਼ਮ ’ਚ ਬੈਠੇ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਲਖਵਿੰਦਰ ਸਿੰਘ ਨੇ ਪਿੰਡ ਮਾਣਕਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ +2 ਪਾਸ ਕੀਤੀ ਤੇ ਇਸੇ ਦੌਰਾਨ ਉਸ ਦਾ ਰਿਸ਼ਤਾ ਪਿੰਡ ਬਲਾੜੀ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਸੀ ਗੁਰਦੀਪ ਸਿੰਘ ਦੀ ਆਸਟ੍ਰੇਲੀਆ ਵਿਖੇ ਪੜ੍ਹਾਈ ਦੇ ਆਧਾਰ ’ਤੇ ਗਈ ਲੜਕੀ ਬੇਅੰਤ ਕੌਰ ਨਾਲ ਹੋ ਗਿਆ। ਉਨ੍ਹਾਂ ਦੱਸਿਆ ਕਿ 2007 ’ਚ ਦੋਹਾਂ ਦਾ ਵਿਆਹ ਹੋ ਗਿਆ ਜਿਸ ਤੋਂ 6 ਮਹੀਨੇ ਬਾਅਦ ਲਖਵਿੰਦਰ ਸਿੰਘ ਵੀ ਸਪਾਊਸ ਵੀਜ਼ੇ ਦੇ ਆਧਾਰ ’ਤੇ ਅਪਣੀ ਨਵਵਿਆਹੁਤਾ ਪਤਨੀ ਬੇਅੰਤ ਕੌਰ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ। ਬੇਅੰਤ ਕੌਰ ਪੜ੍ਹਦੀ ਰਹੀ ਤੇ ਲਖਵਿੰਦਰ ਸਿੰਘ ਕਿਸੇ ਫੈਕਟਰੀ ’ਚ ਤਿੰਨ ਸਾਲ ਤੋਂ ਨੌਕਰੀ ਕਰ ਰਿਹਾ ਸੀ। ਇਨ੍ਹੀਂ ਦਿਨੀਂ ਬੇਅੰਤ ਕੌਰ 5 ਅਪ੍ਰੈਲ ਤੋਂ ਅਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਭਾਰਤ ਆਈ ਹੋਈ ਹੈ। ਗੁਰਚਰਨ ਸਿੰਘ ਰਾਈਮਾਰਾ ਨੇ ਦੱਸਿਆ ਕਿ ਆਸਟ੍ਰੇਲੀਆ ’ਚ ਰਹਿੰਦੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਮੂਲ ਨਿਵਾਸੀ ਪਿੰਡ ਮਾਧਪੁਰ ਜ਼ਿਲ੍ਹਾ ਲੁਧਿਆਣਾ ਦਾ ¦ਘੇ ਰਾਤ ਕਰੀਬ ਦੋ ਵਜੇ ਫੋਨ ਮੇਰੇ ਵੱਡੇ ਲੜਕੇ ਕੁਲਵਿੰਦਰ ਸਿੰਘ ਕੋਲ ਆਇਆ ਕਿ ਲਖਵਿੰਦਰ ਸਿੰਘ ਦਾ ਆਸਟ੍ਰੇਲੀਆ ’ਚ ਉਥੋਂ ਦੇ ਵਸਨੀਕ ਕਿਸੇ ਵਿਅਕਤੀ ਨੇ ਕਾਤਲਾਨਾ ਹਮਲਾ ਕਰਕੇ ਕਤਲ ਕਰ ਦਿੱਤਾ ਹੈ। ਫੋਨ ’ਤੇ ਉਨ੍ਹਾਂ ਦੇ ਜਵਾਈ ਸੁਖਦੀਪ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ (25) ਫੈਕਟਰੀ ਵਿਚ ਡਿਊਟੀ ਖਤਮ ਕਰਕੇ ਜਦੋਂ ਅਪਣੀ ਰਿਹਾਇਸ਼ ’ਤੇ ਹਾਊਸ ਵੈਨ ਵਿਖੇ ਸੁੱਤਾ ਹੋਇਆ ਸੀ ਤਾਂ ਇੱਕ ਵਿਅਕਤੀ ਨੇ ਉਸ ਦੇ ਕਮਰੇ ਦੇ ਬਾਹਰ ਲੱਗੀ ਘੰਟੀ ਵਜਾ ਕੇ ਲਖਵਿੰਦਰ ਸਿੰਘ ਨੂੰ ਕਮਰੇ ਤੋਂ ਬਾਹਰ ਸੱਦਿਆ ਤੇ ਉਸ ’ਤੇ ਹਾਕੂਆਂ ਨਾਲ ਕਾਤਲਾਨਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਲਖਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਖਦੀਪ ਸਿੰਘ ਮੁਤਾਬਕ ਲਖਵਿੰਦਰ ਸਿੰਘ ਦੇ ਕਾਤਲ ਨੂੰ ਉਥੋਂ ਦੀ ਪੁਲਿਸ ਨੇ ਕਾਬੂ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਉਥੇ ਕਿਸੇ ਵੀ ਵਿਅਕਤੀ ਨਾਲ ਕੋਈ ਰੰਜਿਸ ਨਹੀਂ ਸੀ। ਮੌਤ ਦੇ ਸਹੀ ਕਾਰਨ ਪੜਤਾਲ ਉਪਰੰਤ ਹੀ ਪਤਾ ਲੱਗਣਗੇ। ਮ੍ਰਿਤਕ ਨੇ ਆਸਟ੍ਰੇਲੀਆ ’ਚ ਪੱਕੀ ਰਿਹਾਇਸ਼ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਉਸ ਖੇਤਰ ਵਿਚ ਰਹਿੰਦੇ ਭਾਰਤੀ ਡਰੇ ਹੋਏ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਸਟ੍ਰੇਲੀਆ ’ਚ ਰਹਿੰਦੇ ਭਾਰਤੀਆਂ ਉਪਰ ਹਮਲੇ ਕਰਨ ਜਾਂ ਕਤਲ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।
No comments:
Post a Comment