ਬਰਨਾਲਾ,21ਅਪਰੈਲ(ਜਗਸੀਰ ਸਿੰਘ ਸੰਧੂ):-ਭਾਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇਵਾਦ ਹੁਕਮਨਾਮੇ ਜਾਰੀ ਕੀਤੇ ਗਏ ਹਨ ਪਰ ਤਖ਼ਤਾਂ ਦੇ ਜਥੇਦਾਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਹਨਾਂ ਹੁਕਮਨਾਮਿਆਂ ਨੂੰ ਲਾਗੂ ਕਰਵਾਉਣ ਲਈ ਕੋਈ ਸਿੱਖ ਆਗੂ ਜਾਂ ਸਿੱਖ ਜਥੇਬੰਦੀ ਵੱਲੋਂ ਸੁਹਿਰਦ ਯਤਨ ਨਾ ਕੀਤੇ ਜਾਣ ਕਰਕੇ ਡੇਰੇਦਾਰਾਂ ਦੇ ਹੌਂਸਲੇ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਇਹ ਡੇਰੇਦਾਰ ਸਿੱਖ ਕੌਮ ਨੂੰ ਚਿੜਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ। ਜਿਥੇ ਸੌਦਾ ਸਾਧ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਢੰਗਾਂ ਨਾਲ ਸਿੱਖ ਕੌਮ ਨੂੰ ਮਜਾਕ ਕਰਦਾ ਆ ਰਿਹਾ ਹੈ, ਉਥੇ ਨੂਰਮਹਿਲੀਆ ਆਸੂਤੋਸ ਵੀ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਨਹੀਂ ਨਿਕਲਣ ਦਿੰਦਾ। ਪਿਛਲੇ ਫਰਵਰੀ ਦੇ ਮਹੀਨੇ ਗੁਰਬਾਣੀ ਵਿਚਾਰ ਨਾਮ ਦੇ ਪ੍ਰੋਗਰਾਮ ਵਿਚ ਮੋਗੇ ਵਿਖੇ ਆਸੂਤੋਸ ਦੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਬਕਾਇਦਾ ਰਾਗੀਆਂ ਕੋਲੋਂ ਗੁਰਬਾਣੀ ਦਾ ਕੀਰਤਨ ਕਰਵਾਇਆ ਗਿਆ। ਨੂਰਮਹਿਲ ਤੋਂ ਪ੍ਰਕਾਸ਼ਤ ਹੁੰਦੇ ਆਪਣੇ ਰਸਾਲੇ ਅਖੰਡ ਗਿਆਨ 'ਚ ਇਸ ਪ੍ਰੋਗਰਾਮ ਦੀਆਂ ਫੋਟੋਆਂ ਪ੍ਰਕਾਸ਼ਤ ਕਰਕੇ ਬਕਾਇਦਾ ਰਿਪੋਰਟ ਛਾਪੀ ਗਈ। ਜਿਸ ਵਿਚ ਗੁਰਬਾਣੀ ਦੇ ਅਰਥ ਆਪਣੇ ਮੁਤਾਬਿਕ ਕਰਦਿਆਂ ਕਿਹਾ ਗਿਆ ਹੈ ‘‘ਬਿਸਰਿ ਗਈ ਸਭ ਤਾਤਿ ਪੁਰਾਈ॥ ਜਬ ਤੇ ਸਾਧ ਸੰਗਤਿ ਮੋਹਿ ਪਾਈ॥1॥ ਰਹਾਓ॥'' ਕਿ ਨੂਰ ਮਹਿਲੀਏ ਸਾਧ ਦੀ ਸੰਗਤ ਕਰਨ ਨਾਲ ਹੀ ਜੀਵਨ ਸਫ਼ਲ ਹੋ ਸਕਦਾ ਹੈ। ਇਸ ਪ੍ਰੋਗਰਾਮ ਦੀਆਂ ਫੋਟੋਆਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ, ਜਿਹਨਾਂ ਵਿਚ ਇਕ ਕੀਰਤਨੀ ਜਥਾ ਬਕਾਇਦਾ ਸਟੇਜ 'ਤੇ ਕੀਰਤਨ ਕਰ ਰਿਹਾ ਹੈ ਅਤੇ ਉਸ ਨਾਲ ਲਿਖਿਆ ਹੈ ‘‘ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ‘ਗੁਰਬਾਣੀ ਵਿਚਾਰ' ਸਮਾਗਮ ਦੀ ਲੜੀ ਅਧੀਨ ਮੋਗਾ ਵਿਖੇ ਅਯੋਜਿਤ ਇਕ ਇਕੱਤਰਤਾ ਵਿਚ ਗੁਰੂ ਸਾਹਿਬਾਨਾਂ ਦੁਆਰਾ ਮਨੁੱਖਤਾ ਦੇ ਕਲਿਆਣ ਲਈ ਦਿੱਤੇ ਗਏ ਮਹਾਨ ਉਪਦੇਸ਼ਾਂ ਨੂੰ ਰਸਭਿੰਨੇ ਕੀਰਤਨ ਅਤੇ ਸਤਿਸੰਗਾਂ ਵਿਚਾਰਾਂ ਰਾਹੀਂ ਪ੍ਰਸਤੂਤ ਕੀਤਾ ਗਿਆ ਹੈ। ਇਸ ਦੌਰਾਨ ਇਲਾਕੇ ਦੀਆਂ ਪ੍ਰਮੁੱਖ ਸਖ਼ਸੀਅਤਾਂ ਨੇ ਸ਼ਿਰਕਤ ਕੀਤੀ ਗਈ ਹੈ।'' ਨੂਰਮਹਿਲੀਏ ਸਾਧ ਵੱਲੋਂ ਸ਼ਰੇਆਮ ਗੁਰਬਾਣੀ ਦਾ ਸਹਾਰਾ ਲੈ ਕੇ ਕੀਤੇ ਜਾ ਰਹੇ ਇਹਨਾਂ ਕੂੜ ਸਮਾਗਮਾਂ ਵਾਰੇ ਨਾ ਤਾਂ ਕਿਸੇ ਤਖ਼ਤ ਸਹਿਬਾਨ ਵੱਲੋਂ ਨੋਟਿਸ ਲਿਆ ਗਿਆ ਹੈ ਅਤੇ ਨਾ ਹੀ ਕੋਈ ਹੋਰ ਸਿੱਖ ਜਥੇਬੰਦੀ ਵੱਲੋਂ ਇਹਨਾਂ ਸਮਾਗਮਾਂ ਨੂੰ ਰੋਕਣ ਲਈ ਕੋਈ ਉਪਰਾਲੇ ਕੀਤੇ ਗਏ। ਬਾਦਲ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਇਹਨਾਂ ਸਮਾਗਮਾਂ ਵਿਚ ਗੁਰਬਾਣੀ ਦੀ ਕੀਤੀ ਜਾ ਰਹੀ ਦੁਰਵਰਤੋਂ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਚੁੱਪਧਾਰੀ ਹੋਈ ਹੈ।
No comments:
Post a Comment