OUR VISITORS

Best Colon Cleanser

Wednesday, 20 April 2011

ਮੱਕੜ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਮਾਣ-ਮਰਯਾਦਾ ਛਿੱਕੇ ਟੰਗੀ : ਕਲਕੱਤਾ

ਅੰਮ੍ਰਿਤਸਰ,20ਅਪ੍ਰੈਲ(ਸਰਵਨ ਸਿੰਘ ਰੰਧਾਵਾ/ਕਿਰਨਦੀਪ ਕੋਰ):-ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਖ਼ਿਲਾਫ਼ ਕੀਤੀ ਆਧਾਰਹੀਣ ਤੇ ਬੇਤੁਕੀ ਬਿਆਨਬਾਜ਼ੀ ’ਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਮਨਜੀਤ ਸਿੰਘ ਕਲਕੱਤਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ. ਮੱਕੜ ਦੀ ਆਦਤ ਬਣ ਚੁੱਕੀ ਹੈ ਕਿ ਉਹ ਆਪਣੇ ਰਾਜਸੀ ਅਕਾਵਾਂ ਦੇ ਸਿਆਸੀ ਵਿਰੋਧੀਆਂ ਵਲੋਂ ਬੋਲੇ ਸੱਚ ਨੂੰ ਵੀ ਝੂਠ ਦੱਸਣ ਸਮੇਂ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਮਾਣ ਮਰਯਾਦਾ ਵੀ ਛਿੱਕੇ ਟੰਗ ਦਿੰਦੇ ਹਨ। ਸ. ਕਲਕੱਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੁੰਦੇ ਹੀ ਜਸਟਿਸ ਵੀ ਐਨ ਵਰਮਾ ਦੇ ਕਾਰਜਕਾਲ ਤੋਂ ਲੈ ਕੇ ਜਸਟਿਸ ਬਰਾੜ ਤੱਕ ਵੋਟਰ ਫਾਰਮ ਸਿੱਖ ਰਹਿਤ ਮਰਯਾਦਾ ਅਨੁਕੂਲ ਨਾ ਹੋਣ ’ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਪੰਥਕ ਕੌਂਸਲ, ਸ. ਸਰਨਾ ਜਿਸ ਦੇ ਪ੍ਰਧਾਨ ਹਨ, ਸਮੇਤ ਇਕ ਦਰਜਨ ਦੇ ਕਰੀਬ ਸਿੱਖ ਸੰਸਥਾਵਾਂ ਨੇ ਵਿਰੋਧ ਜਤਾਇਆ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਲਿਖਤੀ ਸ਼ਿਕਾਇਤਾਂ ਭੇਜੀਆਂ, ਸ. ਮੱਕੜ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਪੱਤਰ ਲਿਖੇ ਗਏ। ਉਨ੍ਹਾਂ ਦੱਸਿਆ ਕਿ ਸ. ਮੱਕੜ ਤੇ ਉਨ੍ਹਾਂ ਦੀ ਪਾਰਟੀ ਨੂੰ ਤਾਂ ਸਾਬਤ ਸੂਰਤ ਸਿੱਖਾਂ ਦੀਆਂ ਵੋਟਾਂ ’ਤੇ ਇਤਬਾਰ ਹੀ ਨਹੀਂ ਸੀ, ਇਸ ਲਈ  ਸ. ਮੱਕੜ ਨੇ ਹੀ ਬਿਆਨ ਦਿੱਤਾ ਸੀ ਕਿ ਵੋਟਰ ਫਾਰਮ ਸਿੱਖ ਰਹਿਤ ਮਰਯਾਦਾ ਦੇ ਅਨੁਕੂਲ ਹਨ। ਸ. ਕਲਕੱਤਾ ਨੇ ਕਿਹਾ ਕਿ ਮੱਕੜ ਤਾਂ ਸ਼ਾਇਦ ਇਹ ਵੀ ਨਹੀਂ ਜਾਣਦੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਦਲਕਿਆਂ ਵਲੋਂ ਬਣਾਈਆਂ ਗਈਆਂ ਪਤਿਤ ਅਤੇ ਗੈਰ ਸਿੱਖਾਂ ਦੀਆਂ ਵੋਟਾਂ, ਗਲਤ ਵੋਟਰ ਲਿਸਟਾਂ ਦੀ ਸ਼ਿਕਾਇਤ ਵੀ ਚੋਣ ਕਮਿਸ਼ਨ ਪਾਸ ਅਸੀਂ ਹੀ ਕੀਤੀ। ਸ. ਕਲਕੱਤਾ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੀਆਂ ਖਾਮੀਆਂ ਨੂੰ ਲੈ ਕੇ  ਇਕ ਦਰਜਨ ਦੇ ਕਰੀਬ ਪੱਤਰ ਗੁਰਦੁਆਰਾ ਚੋਣ ਕਮਿਸ਼ਨ, ਕੇਂਦਰੀ ਗ੍ਰਹਿ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖੀਆਂ ਜਾ ਚੁੱਕੀਆਂ ਹਨ, ਜੇਕਰ ਸ. ਮੱਕੜ ਅਜੇ ਵੀ ਅਨਜਾਣ ਹਨ ਤਾਂ ਕਸੂਰ ਸ. ਮੱਕੜ ਦਾ ਹੈ, ਜਿਨ੍ਹਾਂ ਨੂੰ ਸੱਚ ਨਜ਼ਰ ਨਹੀਂ ਆਉਂਦਾ। ਸ. ਕਲਕੱਤਾ ਨੇ ਕਿਹਾ ਕਿ ਮੱਕੜ ਦਾ ਇਹ ਕਹਿਣਾ ਕੋਈ ਅਰਥ ਨਹੀਂ ਰੱਖਦਾ ਕਿ ਸ. ਸਰਨਾ ਪੰਜਾਬ ਵੱਲ ਧਿਆਨ ਨਾ ਕਰਕੇ ਦਿੱਲੀ ਵੱਲ ਵੇਖਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਜੋ ਸਿੱਖ ਦੀ ਦਸਤਾਰ, ਦੁਪਟਿਆਂ ਅਤੇ ਕੇਸਾਂ ਦਾ ਹਸ਼ਰ ਕੀਤਾ ਹੈ, ਉਹ ਤਸਵੀਰਾਂ ਨਿੱਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਦਾ ਨਿੱਤ ਸ਼ਿੰਗਾਰ ਬਣਦੀਆਂ ਹਨ ਅਤੇ ਸੱਚਾਈ ਦੁਨੀਆ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਜੋ ਕੁਝ ਹੋ ਰਿਹਾ ਹੈ, ਉਹ ਤਾਂ ਮੱਕੜ ਵੀ ਭਲੀਭਾਂਤ ਜਾਣਦੇ ਹਨ। ਸ. ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ. ਮੱਕੜ ਹੀ ਸਪਸ਼ਟ ਕਰ ਦੇਣ ਕਿ ਗੁਰਲੀਨ ਕੌਰ ਬਨਾਮ ਪੰਜਾਬ ਮਾਮਲੇ ਵਿਚ ਹਾਈ ਕੋਰਟ ਵਿਚ ਸਿੱਖ ਦੀ ਕਿਹੜੀ ਪ੍ਰੀਭਾਸ਼ਾ ਸ. ਮੱਕੜ ਨੇ ਦਾਇਰ ਕੀਤੀ ਸੀ ਤੇ ਦਿੱਲੀ ਕਮੇਟੀ ਦੇ ਦਖ਼ਲ ਉਪੰਰਤ ਬਦਲ ਕੇ ਕਿਹੜੀ ਦਾਇਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜਾ ਸ਼੍ਰੋਮਣੀ ਕਮੇਟੀ ਪ੍ਰਧਾਨ ਸੂਬੇ ਵਿਚ ਫੈਲ ਰਹੇ ਨਸ਼ਿਆਂ ਤੇ ਵੱਧ ਰਹੇ ਪਤਿਤਪੁਣੇ ਕਾਰਨ ਸਿੱਖੀ ਨੂੰ ਲੱਗ ਰਹੇ ਖੋਰੇ ਨੂੰ ਰੋਕਣ ਵਿਚ ਨਾਕਾਮ ਹੋਵੇ, ਉਹ ਸਿੱਖੀ ਬਚਾਉਣ ਵਿਚ ਲੱਗੇ ਲੋਕਾਂ ਵਲ ਉਂਗਲ ਕਿਉਂ ਕਰੇ? ਸ. ਕਲਕੱਤਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਮੌਕੇ ਤਾਂ ਸ. ਮੱਕੜ ਦਿੱਲੀ ਵਿਚ ਬਾਦਲਕਿਆਂ ਲਈ ਬ੍ਰਹਮ ਅਸਤਰ ਨਹੀਂ ਬਣ ਸਕੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ. ਮੱਕੜ ਦੀ ਪ੍ਰਧਾਨਗੀ ਵੀ ਬਾਦਲ ਪਰਿਵਾਰ ਦੇ ਰਹਿਮੋ ਕਰਮ ’ਤੇ ਹੈ।

No comments:

Post a Comment