‘‘ਪੁੱਤਰੋ! ਆਹ ਸਿੱਖਾਂ ਦੀ ਕੌਮ ਵੀ ਕਮਾਲ ਦੀ ਐ, ਦੁਸਮਣਾਂ ਨਾਲ ਲੜਨ ਦੀ ਥਾਂ ਆਪੋ ਵਿਚ ਈ ਉਲਝੀ ਜਾਂਦੀ ਐ'' ਬਾਬਾ ਲਾਭ ਸਿੰਘ ਨੇ ਉਦਾਸੀ ਭਰੀ ਅਵਾਜ 'ਚ ਗੱਲ ਸ਼ੁਰੂ ਕੀਤੀ। ‘‘ਬਾਬਾ ਜੀ! ਕਿਥੇ ਉਲਝਗੀ ਸਿੱਖ ਕੌਮ'' ਸ਼ਿੰਦੇ ਨੇ ਬਾਬਾ ਲਾਭ ਸਿੰਘ ਦਾ ਮੂਡ ਦੇਖ ਕੇ ਮਖੌਲੀਆ ਅੰਦਾਜ ਨਾਲ ਗੱਲਬਾਤ ਦਾ ਰੁੱਖ ਬਦਲਣਾ ਚਾਹਿਆ। ‘‘ਸ਼ੇਰਾ! ਹੋਰ ਕੀ ਕਿਹਾ ਜਾ ਸਕਦੈ ਹੁਣ, ਇਕ ਪਾਸੇ ਤਾਂ ਸਿੱਖੀ ਨੂੰ ਚਾਰ ਚੁਫੇਰਿਓਂ ਡੇਰਾਵਾਦ ਨੇ ਘੇਰ ਰੱਖਿਐ, ਤੇ ਸਿੱਖਾਂ ਦੇ ਧਾਰਮਿਕ ਤੇ ਰਾਜਸੀ ਆਗੂ, ਸਿੱਖੀ ਦੇ ਦੁਸ਼ਮਣਾਂ ਨਾਲ ਟੱਕਰ ਲੈਣ ਦੀ ਥਾਂ ਇਕ-ਦੂਜੇ ਦੇ ਮਗਰ ਪਏ ਫਿਰਦੇ ਨੇ'' ਬਾਬਾ ਲਾਭ ਸਿੰਘ ਦੀ ਗੱਲ ਪੂਰੀ ਤਰਾਂ ਸਮਝ ਨਾ ਆਉਣ ਕਰਕੇ ਬਿੱਕਰ ਨੇ ਸਵਾਲ ਕੀਤਾ ‘‘ਓ ਬਾਬਾ ਜੀ! ਸਿੱਧੀ ਤਰਾਂ ਦੱਸੋ, ਬਈ ਕੀਹਨੇ ਕੀਹਦੇ ਨਾਲ ਸਿੰਗ ਫਸਾ 'ਲੇ ਨੇ, ਐਵੇਂ ਹੋਰ ਈ ਕਹਾਣੀਆਂ ਜੀਆਂ ਪਾਈ ਜਾਨੈ ਓਂ''। ‘‘ਸ਼ੇਰਾ! ਮੈਂ ਕਿਸੇ ਇਕ ਆਗੂ ਦੀ ਗੱਲ ਨਈਂ ਕਰਦਾ, ਅੱਜ ਸਿੱਖਾਂ ਦੇ ਸਾਰੇ ਆਗੂ ਈ ਹਾਊਮੈ ਦਾ ਸ਼ਿਕਾਰ ਹੋਏ ਪਏ ਨੇ, ਕੋਈ ਮੌਕਾ ਨਈਂ ਜਾਣ ਦਿੰਦੇ ਇਕ ਦੂਜੇ ਨੂੰ ਠਿੱਬੀ ਲਾਉਣ ਦਾ, ਰਾਜਨੀਤਿਕ ਲੀਡਰ ਤਾਂ ਜਿਹੋ ਜੇ ਸੀਗੇ, ਉਹੋ ਜਿਹੇ ਹੈਗੇ ਨੇ, ਪਰ ਹੁਣ ਧਾਰਮਿਕ ਆਗੂਆਂ ਦਾ ਹਾਲ ਉਹਨਾਂ ਤੋਂ ਵੀ ਮਾੜਾ ਹੋ ਗਿਐ, ਮੱਕੜ ਸਾਬ ਸਦਾ ਦਿੱਲੀ ਆਲੇ ਸਰਨਿਆਂ ਖ਼ਿਲਾਫ਼ ਮੋਰਚਾ ਖੋਲੀ ਰੱਖਦੇ ਨੇ, ਗਾਹਾਂ ਸਰਨਾ ਤੇ ਕਲਕੱਤਾ ਨਈਂ ਕੋਈ ਮੌਕਾ ਛੱਡਦੇ ਪੰਜਾਬ ਆਲਿਆਂ ਖ਼ਿਲਾਫ਼ ਬੋਲਣ ਦਾ, ਤਖ਼ਤਾਂ ਦੇ ਜਥੇਦਾਰਾਂ ਦਾ ਹਾਲ ਵੀ ਕੋਈ ਬਹੁਤ ਚੰਗਾ ਨਈਂ ਰਿਹੈ, ਹੋਰ ਤਾਂ ਹੋਰ ਇਕ ਤਖ਼ਤ ਦਾ ਜਥੇਦਾਰ, ਦੂਜੇ ਤਖ਼ਤ ਦੇ ਜਥੇਦਾਰ ਨੂੰ ਵੀ ਨਈਂ ਬਖਸਦਾ, ਏਧਰ ਮਾਲਵੇ ਦੇ ਦੋ ਧਾਰਮਿਕ ਆਗੂ ਨੇ, ਜਿਹੜੇ ਡੇਰਾਵਾਦ ਖ਼ਿਲਾਫ਼ ਖੁਲ ਕੇ ਲੜਾਈ ਲੜਦੇ ਆ ਰਹੇ ਨੇ, ਪਰ ਪਤਾ ਨਈਂ ਕੀ ਭਾਣਾ ਵਰਤ ਗਿਐ, ਇਹ ਵੀ ਦੋਵੇਂ ਹੁਣ ਇਕ ਦੂਜੇ 'ਤੇ ਵਰਨ ਲੱਗ ਪੇ ਨੇ'' ਬਾਬਾ ਲਾਭ ਸਿੰਘ ਦੀ ਗੱਲ ਧਿਆਨ ਨਾਲ ਸੁਣ ਰਿਹਾ ਸ਼ਿੰਦਾ ਬੋਲਿਆ ‘‘ਅੱਛਾ-ਅੱਛਾ ਬਾਬਾ ਜੀ! ਤੁਸੀਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਗੱਲ ਕਰਦੇ ਓ, ਲੱਗਦੈ ਇਹ ਐ ਬਈ ਇਹ ਵੀ ਦੋਵੇਂ ਬਾਦਲਕੀ ਰਾਜਨੀਤੀ ਦੇ ਅੜਿੱਕੇ ਆ 'ਗੇ ਨੇ, ਵਿਸਾਖੀ 'ਤੇ ¦ਗਰ ਲਾਉਣ ਵੇਲੇ ਬਾਬਾ ਦਾਦੂਵਾਲ ਤੇ ਗਿਆਨੀ ਨੰਦਗੜ 'ਚ ਕੜਵਾਹਟ ਪੈਦਾ ਹੋ ਗੀ ਐ'' ਸ਼ਿੰਦੇ ਨੂੰ ਟੋਕਰਦਿਆਂ ਬਿੱਕਰ ਬੋਲਿਆ ‘‘ਸੁਣਿਐ! ਹੁਣ ਬਾਬਾ ਦਾਦੂਵਾਲ ਵੀ ਸੁਖਬੀਰ ਬਾਦਲ ਨਾਲ ਗੁਪਤ ਮੀਟਿੰਗਾਂ ਕਰਨ ਲੱਗ ਪਿਐ''। ‘‘ਅਮਲੀਆ! ਇਹ ਬਾਦਲਕਿਆਂ ਨੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਨਈਂ ਬਖਸਿਆ ਸੀ, ਇਹ ਤਾਂ ਉਹਨੂੰ ਵੀ ਕਾਂਗਰਸੀ ਦੱਸਦੇ ਹੁੰਦੇ ਸੀਗੇ, ਇਹਨਾਂ ਨੇ ਤਾਂ ਸਦਾ ਆਪਣਾ ਉਲੂ ਸਿੱਧਾ ਕਰਨਾ ਐ, ਹੁਣ ਇਹਨਾਂ ਦੋਵਾਂ ਧਾਰਿਮਕ ਆਗੂਆਂ ਨੂੰ ਬਾਦਲਕੀ ਰਾਜਨੀਤੀ ਤੋਂ ਬਚਣਾ ਚਾਹੀਦੈ, ਅੱਜ ਸਿੱਖ ਪੰਥ ਨੂੰ ਇਹਨਾਂ ਦੋਵਾਂ ਦੀ ਬੇਹੱਦ ਲੋੜ ਐ ਤੇ ਦੋਵਾਂ ਦੀ ਅਗਵਾਈ 'ਚ ਈ ਡੇਰਾਵਾਦ ਵਿਰੁਧ ਵਿੱਢੀ ਲੜਾਈ ਅੱਗੇ ਵਧ ਸਕਦੀ ਐ'' ਸ਼ਿੰਦੇ ਨੂੰ ਰੋਕਦਿਆਂ ਬਾਬਾ ਲਾਭ ਸਿੰਘ ਨੇ ਕਿਹਾ ‘‘ਹਾਂ! ਭਾਈ ਰਾਜਨੀਤਿਕ ਲੋਕਾਂ ਤੋਂ ਸੰਭਲ ਕੇ ਸਿੱਖੀ ਦੇ ਦੁਸ਼ਮਣਾਂ ਖ਼ਿਲਾਫ ਦੋਵੇਂ ਜਰਨੈਲ 'ਕੱਠੇ ਹੋ ਕੇ ਕੌਮ ਦੀ ਅਗਵਾਈ ਕਰਨ, ਇਹੀ ਸਮੇਂ ਦੀ ਮੁੱਖ ਲੋੜ ਐ'' ਬਾਬਾ ਲਾਭ ਸਿੰਘ ਦੇ ਮਗਰੇਂ ਹੀ ਸਾਰੇ ਉਠ ਖੜੇ ਹੋਏ।98764-16009
No comments:
Post a Comment