ਗ੍ਰਿਫਤਾਰ ਬੇਰੁਜ਼ਗਾਰ ਲਾਈਨਮੈਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਮਰਨ ਵਰਤ ਸ਼ੁਰੂ
ਬਠਿੰਡਾ,21ਅਪ੍ਰੈਲ(ਅਵਤਾਰ ਸਿੰਘ ਕੈਂਥ):ਪਿਛਲੇ ਦੋ ਤਿੰਨ ਦਿਨਾਂ ਤੋਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਅਤੇ ਤਲਵੰਡੀ ਸਾਬੋ ਵਿਖੇ ਝੂਠੇ ਪਰਚੇ ਪਾ ਕੇ ਜੇਲਾਂ ਵਿੱਚ ਬੰਦ ਕੀਤੇ 373 ਬੇਰੁਜ਼ਗਾਰ ਲਾਈਨਮੈਨਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਤੇ ਹੁਣ ਸੰਘਰਸ਼ ਹੋਰ ਤੇਜ ਹੁੰਦਾ ਜਾ ਰਿਹਾ ਹੈ। ਸੰਘਰਸ਼ ਦੇ ਰਾਹ ਤੇ ਚਲਦਿਆਂ ਜਥੇਬੰਦੀ ਵੱਲੋਂ ਵੱਡੇ ਰੋਸ਼ ਪ੍ਰਦਰਸ਼ਨ ਤੋਂ ਬਾਅਦ ਤਿੰਨ ਔਰਤਾਂ ਨੂੰ 24 ਘੰਟਿਆਂ ਲਈ ਭੁੱਖ ਹੜਤਾਲ ਤੇ ਬਿਠਾਇਆ ਗਿਆ ਸੀ ਅਤੇ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਯੂਨੀਅਨ ਵੱਲੋਂ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ ਕਰ ਦਿੱਤੀ ਜਾਵੇਗੀ। ਇਸੇ ਐਲਾਨ ਤਹਿਤ ਬੀਤੇ ਦਿਨੀਂ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵੱਲੋਂ ਆਪਣੇ ਸੰਘਰਸ਼ ਦੀ ਕੜੀ ਨੂੰ ਅੱਗੇ ਤੋਰਦਿਆਂ ਬੀਬੀ ਰਣਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਸੰਗਰੂਰ, ਸੂਬਾ ਪ੍ਰਧਾਨ ਪਿਰਮਲ ਸਿੰਘ ਦੇ ਮਾਤਾ ਜੀ ਨੂੰ ਮਰਨ ਵਰਤ ਤੇ ਬਿਠਾ ਦਿੱਤਾ ਗਿਆ। ਇਸ ਮੌਕੇ ਸੂਬਾ ਆਗੂ ਪਿਰਮਲ ਸਿੰਘ ਨੇ ਦੱਸਿਆ ਕਿ ਸਰਕਾਰ ਬੇਰੁਜ਼ਗਾਰ ਲਾਈਨਮੈਨਾਂ ਨੂੰ ਅਣਗੋਲਿਆਂ ਕਰਨ ਲਈ ਜਿਹੜਾ ਮਰਜ਼ੀ ਰੁੱਖ ਅਖਤਿਆਰ ਕਰੇ ਪਰ ਬੇਰੁਜ਼ਗਾਰ ਲਾਈਨਮੈਨ ਆਪਣੇ ਹੱਕ ਪ੍ਰਾਪਤ ਕਰਨ ਲਈ ਅਤੇ ਜੇਲਾਂ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕਰਾਉਣ ਲਈ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਣਗੇ ਭਾਵੇਂ ਉਹਨਾ ਨੂੰ ਆਪਣੀਆਂ ਜਾਂਨਾਂ ਹੀ ਕਿਉਂ ਨਾ ਕੁਰਬਾਨ ਕਰਨੀਆਂ ਪੈਣ। ਉਹਨਾਂ ਕਿਹਾ ਕਿ ਜੇਲਾ ਵਿੱਚ ਬੰਦ ਬੇਰੁਜ਼ਗਾਰ ਲਾਈਨਮੈਨਾਂ ਦੀ ਨਜਰਬੰਦੀ ਯੂਨੀਅਨ ਦੀਆਂ ਕੁਰਬਾਨੀਆਂ ਦੇ ਇਤਿਹਾਸ ਵਿੱਚ ਦਰਜ ਹੋ ਚੁੱਕੀ ਹੈ ਅਤੇ ਹੁਣ ਬੇਰੁਜ਼ਗਾਰ ਲਾਈਨਮੈਨਾਂ ਦੇ ਮਾਤਾ ਪਿਤਾ , ਭੈਣ ਭਰਾ ਅਤੇ ਸਕੇ ਸਬੰਧੀ ਅਤੇ ਭਰਾਤਰੀ ਜਥੇਬੰਦੀਆਂ ਲਾਈਨਮੈਨਾਂ ਦੀ ਹਿਮਾਇਤ ਤੇ ਸੰਘਰਸ਼ ਵਿੱਚ ਕੁੱਦ ਕੇ ਇੱਕ ਨਵਾਂ ਰਿਕਾਰਡ ਕਾਇਮ ਕਰਨਗੀਆਂ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਬੌਖਲਾਹਟ ਵਿੱਚ ਆ ਕੇ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਬੇਰੁਜ਼ਗਾਰ ਲਾਈਨਮੈਨਾਂ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਣ ਤੇ ਪਾਬੰਦੀ ਲਗਾ ਦਿੱਤੀ ਹੈ ਜਿਹੜੀ ਸਰਕਾਰ ਦੇ ਜਨਤਾ ਪ੍ਰਤੀ ਘਟੀਆ ਵਤੀਰੇ ਨੂੰ ਜੱਗ ਜਾਹਰ ਕਰਦੀ ਹੈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਬਰਨਾਲਾ ਜੇਲ ਵਿੱਚ ਨਜ਼ਰਬੰਦ ਸਾਥੀ ਭੋਲਾ ਸਿੰਘ ਗੱਗੜਪੁਰ ਵੱਲੋਂ ਰੱਖਿਆ ਗਿਆ ਮਰਨ ਵਰਤ ਅੱਜ ਸੱਤਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਭੋਲਾ ਸਿੰਘ ਦਾ ਇਲਾਜ ਕਰਾਉਣ ਤੋਂ ਪੱਕਾ ਇਨਕਾਰ ਹੈ। ਭੋਲਾ ਸਿੰਘ ਦੇ ਹਸਪਤਾਲ ਲਿਆਉਣ ਤੋਂ ਬਾਅਦ ਮਰਨ ਵਰਤ ਤੇ ਬੈਠੇ ਬੇਰੁਜ਼ਗਾਰ ਲਾਈਨਮੈਨ ਅਮਨਦੀਪ ਸਿੰਘ ਮਾਹਲਾ ਨੂੰ ਹਾਲਤ ਗੰਭੀਰ ਹੋਣ ਤੇ ਪ੍ਰਸ਼ਾਸਨ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਉਸ ਜੁਝਾਰੂ ਯੋਧੇ ਵੱਲੋਂ ਵੀ ਆਪਣਾ ਇਲਾਜ ਕਰਾਉਣ ਤੋਂ ਇਨਕਾਰ ਕੀਤਾ ਹੋਇਆ ਹੈ । ਇਹਨਾਂ ਉਪਰੋਕਤ ਆਗੂਆਂ ਦੇ ਹਸਪਤਾਲ ਲਿਆਉਣ ਤੋਂ ਬਾਅਦ ਵੀ ਇਹ ਪ੍ਰਕ੍ਰਿਆ ਜਾਰੀ ਰੱਖੀ ਹੋਈ ਹੈ। ਪਿਰਮਲ ਸਿੰਘ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਅੜੀਅਲ ਵਤੀਰੇ ਨੂੰ ਛੱਡਕੇ ਬੇਰੁਜਗਾਰ ਲਾਈਨਮੈਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਸਦੇ ਸਿੱਟੇ ਹੋਰ ਵੀ ਗੰਭੀਰ ਨਿਕਲਣਗੇ ਜਿਸ ਦੀ ਜਿਮੇਵਾਰੀ ਸਰਕਾਰ ਦੀ ਹੋਵੇਗੀ। ਡਿਪਟੀ ਕਮਿਸ਼ਨਰ ਬਠਿੰਡਾ ਅੱਗੇ ਮਰਨ ਵਰਤ ਤੇ ਬੈਠੀ ਬੀਬੀ ਰਣਜੀਤ ਕੌਰ ਦੇ ਨਾਲ 24 ਘੰਟੇ ਦੀ ਲੜੀਵਾਰ ਭੁੱਖ ਹੜਤਾਲ ਲਈ ਬੀਬੀ ਮੁਖਤਿਆਰ ਕੌਰ ਪਤਨੀ ਦਰਸ਼ਨ ਸਿੰਘ ਪਿੰਡ ਭੋਤਨਾ ਜਿਲਾ ਬਰਨਾਲਾ ਤੇ ਬੀਬੀ ਸੁਖਪਾਲ ਕੌਰ ਪਤਨੀ ਰਾਮ ਸਿੰਘ ਵਾਸੀ ਪਿੰਡ ਜਲੂਰ, ਜਿਲਾਂ ਸੰਗਰੂਰ, ਆਪਣੇ ਜੇਲਾਂ ਵਿੱਚ ਨਜ਼ਰਬੰਦ ਆਪਣੇ ਪੁੱਤਰਾਂ ਦੇ ਰੁਜ਼ਗਾਰ ਅਤੇ ਰਿਹਾਈ ਖਾਤਰ ਬੈਠ ਗਏ ਹਨ।
No comments:
Post a Comment