‘‘ਅਮਲੀਆ! ਸੁਣਾ ਕੋਈ ਗੱਲਬਾਤ, ਕਿਵੇਂ ਅੱਜ ਚੁਪ ਕਰੇਆ ਜਾ ਬੈਠੈ'' ਸ਼ਿੰਦੇ ਨੇ ਅਉਂਦਿਆਂ ਹੀ ਬਿੱਕਰ ਦੇ ਮੋਢੇ 'ਤੇ ਧੱਫਾ ਮਾਰਿਆ। ‘‘ਕਾਮਰੇਡਾ! ਕਾਹਦੀ ਗੱਲ ਐ ਯਾਰ, ਦੁਨੀਆਂ ਦਾ ਤਾਂ ਬੇੜਾ ਈ ਬੈਠਣ ਵਾਲਾ ਹੋਇਆ ਪਿਐ'' ਬਿੱਕਰ ਨੇ ਮੱਧਮ ਜਿਹੀ ਅਵਾਜ਼ 'ਚ ਜਵਾਬ ਦਿੱਤਾ। ‘‘ਇਹੋ ਜਿਹੀ ਕੀ ਗੱਲ ਹੋ 'ਗੀ ਭਾਈ! ਜੀਹਦੇ ਕਰਕੇ ਬਿੱਕਰ ਸਿਹੁੰ ਬਹੁਤਾ ਈ ਤਪਿਆ ਪਿਐ'' ਬਾਬਾ ਲਾਭ ਸਿੰਘ ਨੇ ਬਿੱਕਰ ਦੇ ਚਿਹਰੇ ਵੱਲ ਦੇਖਦਿਆਂ ਸ਼ਿੰਦੇ ਨੂੰ ਸਵਾਲ ਕੀਤਾ। ‘‘ਪਤਾ ਨਈਂ ਬਾਬਾ ਜੀ! ਅੱਜ ਅਮਲੀ ਨੂੰ ਕੀ ਹੋਇਆ, ਸਵੇਰੇ-ਸਵੇਰੇ ਈ ਚੰਗਿਆੜੇ ਕੱਢੀ ਜਾਂਦੈ'' ਸ਼ਿੰਦੇ ਦਾ ਬਿੱਕਰ ਦੇ ਮੂੰਹ ਵੱਲ ਦੇਖ ਕੇ ਹਾਸਾ ਨਿਕਲ ਗਿਆ। ‘‘ਹੋਣਾ ਹਵਾਉਣਾ ਤਾਂ ਕੀ ਐ, ਪਰ ਆਹ ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਕੇ ਰੋਣਾ ਆਉਂਦੇ ਯਾਰ'' । ‘‘ਨਾ ਭਾਈ! ਸ਼੍ਰੋਮਣੀ ਕਮੇਟੀ ਨੇ ਕੀ ਨਵਾਂ ਚੰਦ ਚੜਾ 'ਤਾ, ਜੀਹਦੇ ਕਰਕੇ ਤੈਨੂੰ ਰੋਣ ਆਉਣ ਲੱਗ ਪਿਐ'' ਬਾਬਾ ਲਾਭ ਸਿੰਘ ਨੇ ਬਿੱਕਰ ਦੇ ਮੂੰਹ ਵੱਲ ਤੱਕਿਆ। ‘‘ਕਹਿੰਦੇ ਨੇ ਹੁਣ ਤਾਰਨ-ਤਾਰਨ ਸਾਹਿਬ ਦੇ ਗੁਰਦੁਆਰੇ 'ਚ ਕੀਰਤਨ ਕਰਦੇ ਰਾਗੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਇੱਕ ਮੈਨੇਜਰ ਨੇ ਖਾਸੀ ਧੂ ਘੜੀਸ ਕੀਤੀ ਐ, ਸ਼੍ਰੋਮਣੀ ਕਮੇਟੀ ਦੇ ਮੈਨੇਜਰਾਂ ਨੂੰ ਲਗਦੈ ਹੁਣ ਗੁਰੂ ਮਹਾਰਾਜ ਦਾ ਕੋਈ ਡਰ ਭਾਉ ਨਈਂ ਰਿਹਾ''। ਬਿੱਕਰ ਦੀ ਗੱਲ ਸੁਣਕੇ ਬਾਬਾ ਲਾਭ ਸਿੰਘ ਕਹਿਣ ਲੱਗਿਆ ‘‘ਪੁੱਤਰੋ! ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਮੈਨੇਜਰ ਵੀ ਹੁਣ ਠਾਣੇਦਾਰਾਂ ਤੋਂ ਘੱਟ ਨਈਂ ਰਹੇ, ਇਹ ਗੁਰੂ ਘਰ 'ਚ ਸੇਵਾਦਾਰੀ ਨਈਂ, ਸਗੋਂ ਅਫ਼ਸਰੀ ਕਰਦੇ ਨੇ, ਤਾਂਹੀ ਤਾਂ ਨਿੱਤ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਨੇ'' ਬਾਬਾ ਲਾਭ ਸਿੰਘ ਦੀ ਗੱਲ 'ਤੇ ਹੱਸਦਿਆਂ ਬਿੱਕਰ ਨੇ ਕਿਹਾ ‘‘ਫੇਰ ਤਾਂ ਬਾਬਾ ਜੀ! ਜੇ ਗੁਰਦੁਆਰਿਆਂ ਦੇ ਮੈਨੇਜਰ ਠਾਣੇਦਾਰ ਨੇ, ਤਾਂ ਸ਼੍ਰੋਮਣੀ ਕਮੇਟੀ ਮੈਂਬਰ ਏਹਨਾਂ ਦੇ ਡੀ.ਐਸ.ਪੀ. ਤੇ ਅੰਤ੍ਰਿੰਗ ਮੈਂਬਰ ਐਸ.ਐਸ.ਪੀ. ਹੋ 'ਗੇ ਤੇ ਮੱਕੜ ਸਾਬ, ਸਾਹਿਬ ਡੀ.ਜੀ.ਪੀ. ਬਣ 'ਗੇ ਏਹਨਾਂ ਦੇ'' ਬਿੱਕਰ ਦੀ ਗੱਲ 'ਤੇ ਸਾਰੀ ਸੱਥ ਵਿਚ ਹਾਸੜ ਮੱਚ ਗਈ ‘‘ਆਹੋ ਭਾਈ! ਜਿਵੇਂ ਮੁੱਖ ਮੰਤਰੀ ਬਾਦਲ ਸਾਬ ਪੰਜਾਬ ਪੁਲਿਸ ਦੇ ਮੁਖੀ ਨੂੰ ਜਦੋਂ ਜੀਅ ਕਰੇ ਲਾ ਦਿੰਦੇ ਨੇ ਜਦੋਂ ਜੀਅ ਕਰੇ ਹਟਾ ਦਿੰਦੇ, ਇਵੇਂ-ਜਿਵੇਂ ਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਕਰਦੇ ਨੇ'' ਬਾਬਾ ਲਾਭ ਸਿੰਘ ਨੂੰ ਟੋਕਦਿਆਂ ਸ਼ਿੰਦੇ ਨੇ ਕਿਹਾ ‘‘ਤਾਂ ਹੀ ਬਾਬਾ ਜੀ! ਸ਼੍ਰੋਮਣੀ ਕਮੇਟੀ ਵੀ ਹੁਣ ਪੰਜਾਬ ਪੁਲਿਸ ਵਾਂਗੂ ਈ ਕੰਮ ਕਰਨ ਲੱਗੀ ਐ, ਜਿਵੇਂ ਪੰਜਾਬ ਪੁਲਿਸ ਵਾਲੇ ਪੱਗਾਂ ਲਾਹੁਉਂਦੇ ਨੇ ਤੇ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ 'ਚ ਹੁਲੜਬਾਜੀ ਕਰਦੇ ਨੇ, ਉਸੇ ਤਰਾਂ ਈ ਹੁਣ ਸ਼੍ਰੋਮਣੀ ਕਮੇਟੀ ਵੀ ਬਾਦਲ ਵਿਰੋਧੀਆਂ ਦੀਆਂ ਪੱਗਾਂ ਰੋਲਦੀ ਐ ਤੇ ਆਪਣੇ ਮੁਤਾਹਿਤਾਂ ਨੂੰ ਮੈਨੇਜਰ ਗੁਰੂ ਦੀ ਹਾਜਰੀ 'ਚ ਬਾਹਾਂ ਮਰੋੜ ਕੇ ਗਾਲ਼ਾਂ ਕੱਢਣ ਲੱਗੇ ਨੇ'' ਸ਼ਿੰਦੇ ਦੀ ਗੱਲ ਸੁਣ ਕੇ ਚਾਰੇ ਪਾਸੇ ਸੰਨਾਟਾ ਛਾ ਗਿਆ।(98764-16009)
No comments:
Post a Comment